ਉਪਾਸਨਾ ਸਿੰਘ ਪ੍ਰੋਡਕਸ਼ਨ ਹਾਊਸ, ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਨੇ ਫਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਪੇਸ਼ ਕੀਤਾ ਜੋ ਕਿ 27 ਮਈ 2022 ਨੂੰ ਰਿਲੀਜ਼ ਹੋ ਰਹੀ ਹੈ I

0
241

2 ਅਪ੍ਰੈਲ 2022| ਕਾਮੇਡੀ ਅਤੇ ਐਕਸ਼ਨ ਦੇ ਸੁਚੱਜੇ ਸੁਮੇਲ ਨਾਲ, ਸੰਤੋਸ਼ ਐਂਟਰਟੇਨਮੈਂਟ ਸਟੂਡੀਓ 27 ਮਈ 2022 ਨੂੰ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਪੇਸ਼ ਕਰਣਗੇ I ਫ਼ਿਲਮ ਸਮੀਪ ਕੰਗ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

ਇਹ ਫ਼ਿਲਮ ਹਰਨਾਜ਼ ਕੌਰ ਸੰਧੂ (ਮਿੱਸ ਯੂਨੀਵਰਸ 2021) ਅਤੇ ਨਾਨਕ (ਬਹੁਮੁਖੀ ਅਭਿਨੇਤਰੀ ਉਪਾਸਨਾ ਸਿੰਘ ਦਾ ਪੁੱਤਰ) ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਹੋਵੇਗੀ I ਮੁੱਖ ਕਲਾਕਾਰਾਂ ਦੇ ਨਾਲ ਦੇਵ ਖਰੌੜ ਵੀ ਮੁੱਖ ਭੂਮਿਕਾ ਨਿਭਾਉਣਗੇ।

ਫਿਲਮ ‘ਚ ਗੁਰਪ੍ਰੀਤ ਘੁੱਗੀ, ਉਪਾਸਨਾ ਸਿੰਘ ਅਤੇ ਹੌਬੀ ਧਾਲੀਵਾਲ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਉਦਯੋਗ ਵਿੱਚ ਇੱਕ ਨਵਾਂ ਚਿਹਰਾ ਪੇਸ਼ ਕਰਦੇ ਹੋਏ, ਫਰਾਂਸ ਦੇ ਅਦਾਕਾਰ ਹੈਡੇਲਿਨ ਡੀ ਪੋਂਟੀਵੇਸ ਵੀ ਫਿਲਮ ਵਿੱਚ ਸ਼ਾਮਲ ਹੋਏ ਹਨ।

ਇਸ ਨਵੇਂ ਪ੍ਰੋਜੈਕਟ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਉਪਾਸਨਾ ਸਿੰਘ ਨੇ ਕਿਹਾ, “ਸਭ ਤੋਂ ਪਹਿਲਾਂ, ਮੈਂ ਆਪਣੀ ਪਿਆਰੀ ਮਾਂ, ਸੰਤੋਸ਼ ਦੀ ਯਾਦ ਵਿੱਚ ਪ੍ਰੋਡਕਸ਼ਨ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ I ਸਾਡੀ ਫਿਲਮ ‘ਬਾਈ ਜੀ ਕੁੱਟਣਗੇ’ ਇੱਕ ਅਜਿਹੀ ਫਿਲਮ ਹੋਵੇਗੀ ਜਿਸ ਵਿੱਚ ਦਰਸ਼ਕ ਪਹਿਲੀ ਵਾਰ ਇੱਕ ਗੰਭੀਰ ਅਦਾਕਾਰ ਦੇਵ ਖਰੌੜ ਨੂੰ ਕਾਮੇਡੀ ਕਿਰਦਾਰ ਵਿੱਚ ਦੇਖਣਗੇ I ਅਸੀਂ ਆਮ ਤੌਰ ‘ਤੇ ਪੰਜਾਬੀ ਸਿਨੇਮਾ ਵਿੱਚ ਕਾਮੇਡੀ ਜਾਂ ਐਕਸ਼ਨ ਕਰਦੇ ਹੋਏ ਦਿਖਦੇ ਹਾਂ, ਪਰ ਸਾਡੀ ਅਗਲੀ ਪ੍ਰੋਡਕਸ਼ਨ ਵਿੱਚ, ਅਸੀਂ ਦੋਵਾਂ ਸ਼ੈਲੀਆਂ ਨੂੰ ਮਿਲਾਉਣ ਵਿਚ ਸਮਰੱਥ ਹੋਏ ਹਾਂ। ਅਸੀਂ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਖੁਸ਼ ਹਾਂ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਉਹੀ ਪਿਆਰ ਅਤੇ ਸਤਿਕਾਰ ਦਿਖਾਉਣਗੇ ਜੋ ਉਨ੍ਹਾਂ ਨੇ ਮੈਨੂੰ ਹਮੇਸ਼ਾ ਤੋਂ ਦਿਖਾਇਆ ਹੈ। ”

ਫਿਲਮ ਦੇ ਨਿਰਦੇਸ਼ਕ, ਸਮੀਪ ਕੰਗ ਦਾ ਕਹਿਣਾ ਹੈ, “ਕਿਉਂਕਿ ਮੈਂ ਹਮੇਸ਼ਾ ਕਾਮੇਡੀ ਕਰਦਾ ਹਾਂ, ਮੇਰੇ ਕਿਰਦਾਰ ਅਕਸਰ ਮਜ਼ਾਕੀਆ ਅਤੇ ਗੈਰ-ਗੰਭੀਰ ਕਿਸਮ ਦੇ ਹੁੰਦੇ ਹਨ। ਮੈਂ ਹਮੇਸ਼ਾ ਗੰਭੀਰ ਲੋਕਾਂ ਦੇ ਆਲੇ-ਦੁਆਲੇ ਕਾਮੇਡੀ ਕਰਨਾ ਚਾਹੁੰਦਾ ਸੀ ਅਤੇ ਬੌਡੀ-ਬਿਲਡਰ ਨਾਲੋਂ ਵੱਧ ਗੰਭੀਰ ਭਲਾ ਕੌਣ ਹੋ ਸਕਦਾ ਏ? ਦੇਵ ਖਰੌੜ ਇਸ ਫ਼ਿਲਮ ਵਿੱਚ ਅਜਿਹੇ ਹੀ ਇੱਕ ਮਸਲ-ਮੈਨ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਇਸ ਫਿਲਮ ਦੇ ਬਾਕੀ ਕਿਰਦਾਰਾਂ ਦਾ ਸਾਹਮਣਾ ਵੀ ਕਰਦੇ ਹਨ। ਆਖਿਰ ਚ ਮੈਂ ਇਹੀਓ ਕਹਾਂਗਾ ਕਿ ਇਹ ਫਿਲਮ ਦੋ ਵਿਰੋਧੀ ਸੰਸਾਰਾਂ ਦਾ ਟਕਰਾਅ ਹੈ ਜੋ ਕਿ ਬਿਨਾ ਕਿਸੇ ਸ਼ੱਕ ਤੋਂ ਹਾਸੇ ਨਾਲ ਭਰਿਆ ਹੋਵੇਗਾ I”

ਫਿਲਮ ‘ਬਾਈ ਜੀ ਕੁੱਟਣਗੇ’ 27 ਮਈ 2022 ਨੂੰ ਤੁਹਾਨੂੰ ਹੱਸਾਉਣ ਅਤੇ ਢਿੱਡੀਂ ਪੀੜਾਂ ਪਾਉਣ ਲਈ ਤਿਆਰ ਹੈ।

LEAVE A REPLY

Please enter your comment!
Please enter your name here