ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣਾ 41ਵਾਂ ਜਨਮਦਿਨ ਮਨਾਇਆ ਸੀ । ਆਪਣੇ ਜਨਮਦਿਨ ਦੇ ਮੌਕੇ ‘ਤੇ ਗਾਇਕ ਨੇ ਆਪਣੀ ਨਵੀਂ ਫਿਲਮ ‘warning 2’ ਦਾ ਪਹਿਲਾ ਗੀਤ ‘ਚੰਨ’ ਵੀ ਰਿਲੀਜ਼ ਕੀਤਾ ਸੀ ਅਤੇ ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ, ਜੀ ਹਾਂ ਇਸ ਰੋਮਾਂਟਿਕ ਧੁਨ ਨੇ ਇੰਟਰਨੈੱਟ ‘ਤੇ ਤੂਫਾਨ ਲਿਆ ਦਿੱਤਾ ਹੈ, ਇਸਦੀ ਰਿਲੀਜ਼ ਦੇ ਸਿਰਫ 2 ਦਿਨਾਂ ਦੇ ਅੰਦਰ ਅੰਦਰ ਹੀ YouTube ‘ਤੇ ਇਸ ਗੀਤ ਨੂੰ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ ਸਿਰਫ YouTube ਹੀ ਨਹੀਂ ਇਹ ਗੀਤ ਹਰ ਇੱਕ ਪਲੇਟਫਾਰਮ ਤੇ ਵਾਈਰਲ ਹੋ ਰਿਹਾ ਹੈ, ਹਰ ਕੋਈ ਇਸ ਗੀਤ ਨੂੰ ਦੇਖਣਾ ਅਤੇ ਸੁਣਨਾ ਪਸੰਦ ਕਰ ਰਿਹਾ ਹੈ।
ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਵੱਲੋਂ ਲਿਖੇ ਗਏ ਹਨ। ਇਸ ਗੀਤ ਨੂੰ ਕੰਪੋਜ਼ ਤੇ ਇਸ ਨੂੰ ਆਵਾਜ਼ ਵੀ ਖ਼ੁਦ ਹੈਪੀ ਰਾਏਕੋਟੀ ਨੇ ਹੀ ਦਿੱਤੀ ਹੈ। ਇਸ ਗੀਤ ਵਿੱਚ ਹੈਪੀ ਰਾਏਕੋਟੀ ਦੇ ਨਾਲ-ਨਾਲ ਐਵੀ ਸਾਰਾ ਨੇ ਵੀ ਸੰਗੀਤ ਦਿੱਤਾ ਹੈ। ਇਹ ਗੀਤ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਉੱਤੇ ਫਿਲਮਾਇਆ ਗਿਆ ਹੈ। ਗੀਤ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਦੀ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।
ਦੱਸ ਦਈਏ ਕਿ ਵਾਰਨਿੰਗ 2 ‘ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਰਾਹੁਲ ਦੇਵ , ਰਘਵੀਰ ਬੋਲੀ , ਧੀਰਜ ਕੁਮਾਰ , ਜੱਗੀ ਸਿੰਘ ਵੀ ਨਜ਼ਰ ਆਉਣਗੇ । ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਵੀ ਖ਼ੁਦ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਫੈਨਜ਼ ਗਿੱਪੀ ਗਰੇਵਾਲ ਦੀ ਇਸ ਨਵੀਂ ਫਿਲਮ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।